ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਕੈਰੀਅਰ ਗਾਈਡੈਂਸ ਪ੍ਰੋਗਰਾਮ ਦਾ ਆਯੋਜਨ

ਪਟਿਆਲਾ, 15 ਮਈ 2023

ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਗ੍ਰੈਜੂਏਸ਼ਨ ਦੇ ਆਖਰੀ ਸਮੈਸਟਰ ਦੇ ਵਿਦਿਆਰਥੀਆਂ ਲਈ ਕੈਰੀਅਰ ਗਾਈਡੈਂਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਗ੍ਰੈਜੁਏਸ਼ਨ ਤੋਂ ਬਾਅਦ ਅਗਲੇਰੀ ਪੜ੍ਹਾਈ ਅਤੇ ਕੈਰੀਅਰ ਦੀ ਚੋਣ ਸਬੰਧੀ ਜਾਗਰੂਕ ਕਰਨਾ ਅਤੇ ਸਹੀ ਸੇਧ ਦੇਣਾ ਸੀ।

ਇਸ ਮੌਕੇ ’ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਾਲਜ ਪ੍ਰਿੰਸੀਪਲ  ਡਾ. ਖੁਸ਼ਵਿੰਦਰ ਕੁਮਾਰ ਨੇ ਕਿਹਾ ਕਿ “ਨਵੀਂ ਸਿੱਖਿਆ ਨੀਤੀ 2020 ਨੇ ਖੇਤਰੀ ਭਾਸ਼ਾਵਾਂ ਦੀ ਪ੍ਰਫੁੱਲਤਾ ’ਤੇ ਜੋਰ ਦਿੱਤਾ ਹੈ। ਜਿਸ ਵਿੱਚ ਪੰਜਾਬੀ ਸਮੇਤ ਹੋਰ ਸਾਰੀਆਂ ਭਾਰਤੀ ਖੇਤਰੀ ਭਾਸ਼ਵਾਂ ਵਿੱਚ ਅਨੁਵਾਦ ਆਦਿ ਖੇਤਰ ਦੇ ਵਿੱਚ ਰੁਜ਼ਗਾਰ ਦੇ ਹੋਰ ਮੌਕੇ ਵਧਣਗੇ।” ਉਹਨਾਂ ਪੰਜਾਬੀਆਂ ਦੇ ਦੁਨੀਆਂ ਭਰ ਵਿੱਚ ਹੋਏ ਪ੍ਰਵਾਸ ਦੀ ਗੱਲ ਕਰਦਿਆਂ ਕਿਹਾ ਕਿ “ ਜੇਕਰ ਪੰਜਾਬੀ ਪ੍ਰਵਾਸ ਵਿੱਚ ਵਧੇਰੇ ਸਫ਼ਲ ਹੋਏ ਹਨ ਤਾਂ ਇਸਦਾ ਇੱਕ ਕਾਰਨ ਇਹ ਹੈ ਕਿ ਉਹ ਸ਼ੁਰੂ ਤੋਂ ਹੀ ਤ੍ਰੈਭਾਸ਼ੀ ਪ੍ਰਬੰਧ ਅਧੀਨ ਪੜ੍ਹੇ ਹੋਣ ਕਾਰਨ ਨਵੀਆਂ ਭਾਸ਼ਾਵਾਂ ਨੂੰ ਸਿੱਖਣ ਵਿੱਚ ਬਹੁਤ ਜਲਦੀ ਸਮਰੱਥ ਹੋ ਜਾਂਦੇ ਹਨ।” ਉਹਨਾਂ ਨੇ ਸਾਹਿਤ ਦੀ ਗੱਲ ਕਰਦਿਆਂ ਕਿਹਾ ਕਿ “ ਅੱਜ ਸਾਡੀ ਸਿੱਖਿਆ ਕਿੱਤਾ-ਮਾਹਿਰ ਤਾਂ ਪੈਦਾ ਕਰ ਰਹੀ ਪਰ ਮਨੁੱਖੀ ਕਦਰਾਂ ਕੀਮਤਾਂ ਅਤੇ ਨੈਤਕਿਤਾ ਨਾਲ ਭਰਪੂਰ ਮਨੁੱਖ ਪੈਦਾ ਕਰਨੋ ਖੁੰਝ ਰਹੀ ਹੈ। ਇਸ ਕਰਕੇ ਸਾਨੂੰ ਸਾਹਿਤ ਪੜ੍ਹਨ ਦੀ ਪਹਿਲਾਂ ਨਾਲੋਂ ਵੀ ਵਧੇਰੇ ਲੋੜ੍ਹ ਹੈ।” ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਦੀਪ ਸਿੰਘ ਸੰਧੂ ਨੇ ਕਿਹਾ ਕਿ “ ਵਿਸ਼ਵੀਕਰਨ ਦੇ ਇਸ ਦੌਰ ਵਿੱਚ ਪੰਜਾਬੀ ਵਰਗੀਆਂ ਸਥਾਨਕ ਭਾਸ਼ਾਵਾਂ ਤਾਂ ਹੀ ਇਸ ਸਮੇਂ ਦੇ ਹਾਣ ਦੀਆਂ ਹੋ ਸਕਣਗੀਆਂ ਜੇਕਰ ਉਸ ਭਾਸ਼ਾ ਨੂੰ ਬੋਲਣ ਵਾਲੇ ਉਸ ਭਾਸ਼ਾ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਕੇ ਉਸਨੂੰ ਗਿਆਨ, ਵਿਗਿਆਨ ਅਤੇ ਰੁਜ਼ਗਾਰ ਦੀ ਭਾਸ਼ਾ ਬਣਾਉਣਗੇ।” ਪੰਜਾਬੀ ਵਿਭਾਗ ਦੇ ਡਾ. ਦਵਿੰਦਰ ਸਿੰਘ ਨੇ ਕਿਹਾ ਕਿ “ਪੰਜਾਬੀ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨਾ ਕੇਵਲ ਰੁਜ਼ਗਾਰ ਦੇ ਪੱਖ ਤੋਂ ਵਧੇਰੇ ਸਮਰੱਥ ਬਣਦੇ ਹਨ ਸਗੋਂ ਸੰਵੇਦਨਸ਼ੀਲ ਅਤੇ ਬੌਧਿਕ ਤੌਰ ’ਤੇ ਅਜਿਹੇ ਸਮਰੱਥ ਵਿਅਕਤੱਤਵ ਦੇ ਧਾਰਨੀ ਵੀ ਬਣਦੇ ਹਨ ਜੋ ਆਪਣੇ ਸਮਾਜ ਅਤੇ ਰਿਸ਼ਤਿਆਂ ਨੂੰ ਬੇਹਤਰ ਢੰਗ ਨਾਲ ਸਮਝਦੇ ਹੋਏ ਸਮਾਜ ਵਿੱਚ ਆਪਣਾ ਉਸਾਰੂ ਯੋਗਦਾਨ ਦਿੰਦੇ ਹਨ।” ਪੰਜਾਬੀ ਵਿਭਾਗ ਦੇ ਡਾ. ਰੁਪਿੰਦਰ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਨੂੰ ਭਾਸ਼ਾ ਅਤੇ ਸਾਹਿਤ ਦਾ ਜੀਵਨ ਵਿੱਚ ਮਹੱਤਵ ਦੱਸਣ ਦੇ ਨਾਲ-ਨਾਲ ਉਹਨਾਂ ਨੂੰ ਐਮ.ਏ., ਐਮ.ਫਿਲ., ਪੀਐਚ.ਡੀ ਅਤੇ ਨੈੱਟ, ਜੇ.ਆਰ.ਐਫ ਸਬੰਧੀ ਵਿਸਥਾਰ ਨਾਲ ਸਮਝਾਇਆ ਅਤੇ ਵਿਦਿਆਰਥੀਆਂ ਨਾਲ ਕੈਰੀਅਰ ਸਬੰਧੀ ਸੰਵਾਦ ਵੀ ਰਚਾਇਆ। ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਗੁਰਵਿੰਦਰ ਸਿੰਘ ਨੇ ਕਿਹਾ ਕਿ “ਪੰਜਾਬੀ ਵਿਭਾਗ ਵਿੱਚੋਂ ਪੋਸਟ-ਗ੍ਰੈਜੁਏਟ ਕਰਨ ਵਾਲੇ ਵਿਦਿਆਰਥੀ ਨਾ ਕੇਵਲ  ਅਧਿਅਪਨ ਖੇਤਰ ਸਗੋਂ ਪੱਤਰਕਾਰੀ ਅਤੇ ਕਲਾ ਦੇ ਹੋਰ ਖੇਤਰਾਂ ਵਿੱਚ ਮੱਲਾਂ ਮਾਰ ਰਹੇ ਹਨ।”  ਇਸ ਕੈਰੀਅਰ ਗਾਈਡੈਂਸ ਪ੍ਰੋਗਰਾਮ ਦੇ ਮੰਚ ਸੰਚਾਲਨ ਦਾ ਕਾਰਜ ਡਾ. ਦਵਿੰਦਰ ਸਿੰਘ ਨੇ ਨਿਭਾਇਆ ਅਤੇ ਅੰਤ ਵਿੱਚ ਧੰਨਵਾਦ ਦਾ ਮਤਾ ਪਾਸ ਕੀਤਾ। ਪ੍ਰੋਗਰਾਮ ਦੌਰਾਨ ਪੰਜਾਬੀ ਵਿਭਾਗ ਦੇ ਅਧਿਆਪਕਾਂ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।



List of participants